ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ

ਜਦ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੂੰ ਇਕ ਰਾਹਗੀਰ ਦੇ ਮਿਹਣੇ ਨੇ ਸਿੰਘਾਂ ਨੂੰ ਝੰਜੋੜ ਸੁੱਟਿਆ “ਕਿ ਸਿੱਖ ਤਾਂ ਹੁਣ ਲੱਭਦੇ ਹੀ ਕਿਤੇ ਨਹੀਂ ਇਹ ਦੋਵੇਂ ਜਿਹੜੇ ਝਾੜੀਆਂ ਵਿਚ ਲੁਕੇ ਨੇ ਇਹ ਸੱਚੇ ਸਿੱਖ ਨਹੀਂ ਹੋ ਸਕਦੇ”। ਜਦੋਂ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੇ ਕੰਨੀਂ ਇਹ ਬੋਲ ਪਏ ਤਾਂ ਸਿੰਘਾਂ ਨੇ ਕਿੱਕਰ ਦੇ ਸੋਟੇ ਛਾਂਗ ਕੇ ਨੂਰ ਦੀਨ ਦੀ ਸਰਾਂ ਕੋਲੇ ਨਾਕਾ ਲਾਕੇ ਟੈਕਸ ਵਸੂਲਣਾ ਸ਼ੁਰੂ ਕੀਤਾ। ਜਦੋਂ ਪੰਜ ਦਿਨ ਤੱਕ ਸਰਕਾਰ ਤਾਹੀਂ ਕੋਈ ਹਿੱਲ ਜੁਲ ਨਾ ਹੋਈ ਤਾਂ ਸਿੰਘਾਂ ਜ਼ਕਰੀਆ ਖਾਨ ਨੂੰ ਖੁਦ ਚਿੱਠੀ ਲਿੱਖ ਭੇਜੀ ਕਿ ਤੇਰਾ ਰਾਜ ਨਹੀਂ ਹੁਣ ਖਾਲਸੇ ਦਾ ਰਾਜ ਏ

ਇਹ ਭੜਾਨਾ ਪਿੰਡ ਹੈ। ਬਾਬੇ ਬੋਤਾ ਸਿੰਘ ਗਰਜਾ ਸਿੰਘ ਦਾ ਪਿੰਡ ਭੜਾਨਾ। ਮਹਾਰਾਜ ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਭੜਾਨਾ। ਗੁਰ ਅਸਥਾਨ ਮੌਜੂਦ ਹੈ, ਹਜੇ ਵੀ ਬਹੁਤ ਖੂਬਸੂਰਤ ਹੈ ਤੇ ਜਦ ਸਿਖ ਸੇਵਕ ਰੋਜ ਆਉਂਦੇ ਹੋਣਗੇ ਤਾਂ ਕੈਸਾ ਮਨਮੋਹਕ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਕ ਛੋਟੇ ਜਹੇ ਲੋਹੇ ਦੇ ਦਰਵਾਜ਼ੇ ਤੋਂ ਅੰਦਰ ਵੜ੍ਹਦੇ ਹੋ ਤਾਂ ਗੁਰਦੁਆਰਾ ਸਾਹਿਬ ਕਮਾਲ ਦੀ ਦ੍ਰਿੜਤਾ ਨਾਲ ਖਲੋਤਾ ਜਾਪਦਾ ਹੈ। ਕਿੰਨੇ ਝੱਖੜ ਝੱਲ ਕੇ ਵੀ ਬਾਹਰੋਂ ਅਡੋਲ।
“ਆਓ ਸਰਦਾਰ ਜੀ ਲੰਘ ਆਓ… ਬੜੀ ਦੇਰ ਮਗਰੋਂ ਗੇੜਾ ਮਾਰਿਆ…?”, ਅੰਦਰ ਵਸਦੇ ਇਕ ਵਸਨੀਕ ਦੀ ਆਵਾਜ਼ ਕੰਨੀਂ ਪੈਂਦੀ ਹੈ ਜੋ ਇਸਤਿਕਬਾਲ ਦੇ ਨਾਲ ਨਾਲ ਇਕ ਮਿਹਣਾ ਵੀ ਮਾਰ ਜਾਂਦੀ ਹੈ। ਮੇਰੇ ਕੋਲ ਕੋਈ ਜਵਾਬ ਨਹੀਂ। ਉਹ ਫੇਰ ਬੋਲਦੇ ਹਨ,
“ਇਹ ਇਮਾਰਤ ਤੁਹਾਨੂੰ ਉਡੀਕਦਿਆਂ ਉਡੀਕਦਿਆਂ ਚੁੱਪ ਹੋ ਗਈ… ਪਹਿਲਾਂ ਬਹੁਤ ਆਵਾਜ਼ਾਂ ਆਉਂਦੀਆਂ ਸਨ…”, ਪਰ ਮੇਰੇ ਤੋਂ ਹਜੇ ਵੀ ਕੁਝ ਕਿਹਾ ਨਹੀਂ ਗਿਆ।
“ਸਾਡੇ ਬਜ਼ੁਰਗ ਦੱਸਦੇ ਸਨ ਕਿ ਤੜਕੇ ਦੋ ਵਜੇ ਤਾਂ ਆਵਾਜ਼ਾਂ ਬਹੁਤ ਤੇਜ਼ ਹੁੰਦੀਆਂ ਸਨ”
“ਕੈਸੀਆਂ ਆਵਾਜ਼ਾਂ ਆਉਂਦੀਆਂ ਸਨ…”, ਮੈਂ ਤਕੜਾ ਮਨ ਕਰਕੇ ਪੁੱਛਿਆ।
“ਤੁਹਾਡਾ ਕੋਈ ਕਲਮਾਂ ਪੜ੍ਹਦੇ ਸਨ…”
“ਕਦੇ ਕੋਈ ਦਿਸਿਆ ਵੀ…”
“ਲੈਂ ਪਤਾ ਨਹੀਂ ਕਿੰਨੇ ਵਾਰ… ਘੋੜਿਆਂ ਵਾਲੇ… ਏਡੇ ਏਡੇ ਵੱਡੇ ਕੱਦ…”
“ਵਾਹਿਗੁਰੂ…”, ਮੇਰੇ ਮੂੰਹੋਂ ਇਕਦਮ ਨਿਕਲਿਆ,
“ਆਹੀ… ਆਹੀ… ਆਹੀ ਆਵਾਜ਼ਾਂ ਆਉਂਦੀਆਂ ਸਨ ਤੜਕੇ ਤੜਕੇ…”, ਮੰਜੇ ਉੱਤੇ ਪਿਆ ਬਜ਼ੁਰਗ ਅੱਭੜਵਾਹੇ ਬੋਲਿਆ।

Leave a comment

Design a site like this with WordPress.com
Get started